ਸਿੱਖ ਕੌਂਸਲ ਯੂ ਕੇ ਵਲੋਂ ਕੈਬਨਟ ਸੈਕਟਰੀ ਨਾਲ ਮੀਟਿੰਗ ਲਈ ਪਹਿਲਕਦਮੀ ਕੀਤੀ ਗਈ

ਸੰਨ ਚੁਰਾਸੀ ਦੇ ਦਰਬਾਰ ਸਾਹਿਬ ‘ਤੇ ਹਮਲੇ ਸਬੰਧੀ ਬਰਤਾਨਵੀ ਦਖਲ ਅੰਦਾਜ਼ੀ ਬਾਰੇ ਸਿੱਖ ਕੌਂਸਲ ਯੂ ਕੇ ਵਲੋਂ ਕੈਬਨਟ ਸੈਕਟਰੀ ਨਾਲ ਸਿੱਖ ਪ੍ਰਤੀਨਿਧਾਂ ਦੀ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ।

ਸਰ ਜਰਮੀ ਹੇਵੁਡ ਨੂੰ ਪ੍ਰਧਾਨ ਮੰਤਰੀ ਵਲੋਂ ਕਿਹਾ ਗਿਆ ਹੈ ਕਿ ਉਹ ਇਸ ਮਸਲੇ ਨਾਲ ਸਬੰਧਤ ਸਾਰੇ ਹੀ ਹਾਜ਼ਰ ਵਿਅਕਤੀਆਂ ਨਾਲ ਗਲਬਾਤ ਕਰਕੇ ਅਤੇ ਇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਛਾਣ ਬੀਣ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇ ਕਿ ਚੁਰਾਸੀ ਦੇ ਦਰਬਾਰ ਸਾਹਿਬ ਦੇ ਹਮਲੇ ਵਿਚ ਬਰਤਾਨਵੀ ਸਰਕਾਰ ਕਿਹੜੇ ਮਨੋਰਥ ਨਾਲ ਜਾਂ ਕਿਹਨਾਂ ਕਾਰਨਾਂ ਕਰਕੇ ਦਾਖਲ ਹੋਈ ਸੀ ਅਤੇ ਇਹ ਵੀ ਸਪੱਸ਼ਟ ਕਰੇ ਕਿ ਇਸ ਦਰਮਿਆਨ ਕੀ ਕੁਝ ਹੋਇਆ ਅਤੇ ਸਰਕਾਰੀ ਤੌਰ ‘ਤੇ ਇਹ ਫੈਸਲਾ ਕਿਸ ਵਲੋਂ ਲਿਆ ਗਿਆ ਸੀ।

ਸਿੱਖ ਕੌਂਸਲ ਯੂ ਕੇ ਦੇ ਸੈਕਟਰੀ ਜਨਰਲ ਸ: ਗੁਰਮੇਲ ਸਿੰਘ ਨੇ ਇਸ ਸਬੰਧੀ ਕਿਹਾ ਹੈ ਕਿ, “ਅਸੀਂ ਸਰ ਜਰਮੀ ਹੇਵੁਡ ਦੇ ਇਸ ਗੱਲੋਂ ਉਚੇਚੇ ਤੌਰ ‘ਤੇ ਧੰਨਵਾਦੀ ਹਾਂ ਕਿ ਆਪਣੀ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਉਸ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ। ਇਹ ਮੀਟਿੰਗ ਇਸ ਕਰਕੇ ਵੀ ਬਹੁਤ ਸਾਰਥਕ ਹੈ ਕਿਓਂਕਿ ਜਾਂਚ ਨਾਲ ਸਬੰਧਤ ਜ਼ਿੰਮੇਵਾਰੀ ਅਤੇ ਦਿਸ਼ਾ ਨਿਰਦੇਸ਼ ਦੇ ਪ੍ਰਤੱਖ ਵੇਰਵੇ ਦੇਖਣੇ ਜ਼ਰੂਰੀ ਹਨ। ਇਸ ਮੀਟਿੰਗ ਵਿਚ ਸਾਨੂੰ ਸਿੱਖਾਂ ਦੇ ਇਸ ਇਨਕੁਆਰੀ ਸਬੰਧੀ ਲਗਾਓ ਸਪੱਸ਼ਟ ਕਰਨ ਦੇ ਨਾਲ ਨਾਲ ਜਾਣਕਾਰੀ ਅਤੇ ਪਾਰਦਰਸ਼ਤਾ ਦੇ ਅਹਿਮ ਪਹਿਲੂਆਂ ਦੀ ਅਹਿਮੀਅਤ ਬਾਰੇ ਦੱਸਣ ਦਾ ਵੀ ਮੌਕਾ ਮਿਲਿਆ ਹੈ।”

ਉਹਨਾਂ ਹੋਰ ਕਿਹਾ ਕਿ, “ ਅਸੀਂ ਇਸ ਮੀਟਿੰਗ ਨੂੰ ਇਸ ਭਰੋਸੇ ਨਾਲ ਮੁਕੰਮਲ ਹੋਇਆ ਸਮਝਦੇ ਹਾਂ ਕਿ ਜਾਂਚ ਦੇ ਸਾਰੇ ਵੇਰਵੇ ਸੰਪੂਰਨ ਕਰਕੇ ਪ੍ਰਧਾਨ ਮੰਤਰੀ ਨੂੰ ਦੇ ਦਿੱਤੇ ਜਾਣ। ਅਸੀਂ ਇਹ ਵੀ ਯਕੀਨੀ ਕੀਤਾ ਕਿ ਇਸ ਜਾਂਚ ਨਾਲ ਬਾਕੀ ਦਸਤਾਵੇਜ਼ਾਂ ਨੂੰ ਵੀ ਜਨਤਕ ਕਰਨ ਦੀ ਸਿਫਾਰਸ਼ ਕੀਤੀ ਜਾਵੇ।”

ਇਸ ਮੀਟਿੰਗ ਵਿਚ ਸਿੱਖ ਕੌਂਸਲ ਯੂ ਕੇ ਦੇ ਨਾਲ ਨਾਲ ਐਸ ਓ ਪੀ ਡਬਲਿਊ (ਸਿੱਖ ਆਰਗੇਨਾਈਜੇਸ਼ਨ ਫਾਰ ਪਰਿਜ਼ਨਰਜ਼ ਵੈਲਫੇਅਰ), ਕੇਸਰੀ ਲਹਿਰ, ੧੯੮੪ ਜੈਨੋਸਾਈਡ ਕੁਲਿਸ਼ਨ, ਨੌਜਵਾਨਾਂ ਦੀਆਂ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਯੂ ਕੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਫੈਡਰੇਸ਼ਨ ਯੂ ਕੇ ਦੇ ਪ੍ਰਤੀਨਿਧਾਂ ਨੇ ਭਾਗ ਲਿਆ।

ਭਾਰਤੀ ਉਪ ਮਹਾਂਦੀਪ ਮਾਮਲਿਆਂ ਸਬੰਧੀ ਸਬ ਕਮੇਟੀ ਦੇ ਚੇਅਰਮੈਨ ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਕਿਹਾ, “ਅਸੀਂ ਇਹ ਸਮਝਦੇ ਹਾਂ ਕਿ ਇਸ ਜਾਂਚ ਵਿਚ ਜੂਨ ਚੁਰਾਸੀ ਨੂੰ ਦਰਬਾਰ ਸਾਹਬ ‘ਤੇ ਹਮਲਾ ਹੋਣ ਤਕ ਦੇ ਸਾਰੇ ਦਸਤਾਵੇਜ਼ਾਂ ਦੇ ਵੇਰਵੇ ਦੇਖੇ ਜਾਣਗੇ। ਜ਼ਾਹਰ ਹੈ ਕਿ ਸਿੱਖ ਭਾਈਚਾਰਾ ਜੂਨ ਚੁਰਾਸੀ ਦੇ ਹਮਲੇ ਸਬੰਧੀ ਅਤੇ ਇਸ ਤੋਂ ਬਾਅਦ ਦੇ ਸਮੇਂ ਨਾਲ ਸਬੰਧਤ ਸਾਰੇ ਵੇਰਵਿਆਂ ਅਤੇ ਦਸਤਾਵੇਜ਼ਾਂ ਸਬੰਧੀ ਪਾਰਦਰਸ਼ਤਾ ਦਾ ਅਭਿਲਾਖੀ ਹੈ। ਐਸੀਆਂ ਵੀ ਘਟਨਾਵਾਂ ਅਤੇ ਵੇਰਵੇ ਹਨ ਜਿਹਨਾ ਨੇ ਕਿ ਮਗਰਲੇ ਮਹੀਨਿਆਂ ਵਿਚ ਏਥੇ ਅਤੇ ਬਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਨੂੰ ਪ੍ਰਭਾਵਤ ਕੀਤਾ ਹੈ।”

ਸਿੱਖ ਕੌਂਸਲ ਦੇ ਮਿਡਲੈਂਡ ਜੋਨ ਦੇ ਕੋਆਰਡੀਨੇਟਰ ਸ; ਜਗਤਾਰ ਸਿੰਘ ਗਿੱਲ ਨੇ ਕਿਹਾ ਕਿ, “ ਇਸ ਮੀਟਿੰਗ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਦਾ ਸੰਚਾਰ ਹੋਵੇਗਾ। ਨੌਜਵਾਨਾਂ ਦੇ ਕੌਮੀ ਪ੍ਰਤੀਨਿਧ ਸ; ਕੈਮ ਸਿੰਘ ਅਤੇ ਐਸ ਓ ਪੀ ਡਬਲਿਊ ਦੀ ਪ੍ਰਤੀਨਿਧ ਬੀਬੀ ਹਰਮਿੰਦਰ ਕੌਰ ਨੇ ਇਸ ਪ੍ਰਗਟਾਵੇ ਮਗਰੋਂ ਚੁਰਾਸੀ ਤੋਂ ਹੁਣ ਤਕ ਜ਼ਖਮੀ ਹੋਈਆਂ ਸਿੱਖ ਭਾਵਨਾਵਾਂ ਅਤੇ ਪੀੜਤ ਸਿੱਖ ਮਾਨਸਿਕਤਾ ਬਾਰੇ ਗਲ ਕੀਤੀ। ਕੈਮ ਸਿੰਘ ਨੇ ਇਸ ਗੱਲ ਤੇ ਵੀ ਬੇਨਤੀ ਰੂਪ ਵਿਚ ਜ਼ੋਰ ਦਿੱਤਾ ਕਿ ਹਰਮੰਦਰ ਸਾਹਿਬ ਬਾਰੇ ਸਹੀ ਸ਼ਬਦਾਵਲੀ ਦੀ ਵਰਤੋਂ ਹੀ ਕੀਤੀ ਜਾਣੀ ਚਾਹੀਦੀ ਹੈ।”

ਉਸ ਨੇ ਕਿਹਾ, “ਸਾਨੂੰ ਹੁਣ ਇਸ ਜਾਂਚ ਦੇ ਬਾਹਰ ਆਉਣ ਦੀ ਉਡੀਕ ਹੈ ਅਤੇ ਉਮੀਦ ਹੈ ਕਿ ਸਬੰਧਤ ਦਸਤਾਵੇਜਾਂ ਦੇ ਜਨਤਕ ਹੋਣ ਨਾਲ ਹਰਮੰਦਰ ਸਾਹਿਬ ‘ਤੇ ਭਾਰਤੀ ਫੌਜੀ ਹਮਲੇ ਸਬੰਧੀ ਬਰਤਾਨਵੀ ਦਖਲ ਅੰਦਾਜ਼ੀ ਦੀ ਸਿੱਖ ਭਾਈਚਾਰੇ ਦੇ ਮਨਾਂ ਵਿਚ ਤਸਵੀਰ ਸਪੱਸ਼ਟ ਹੋ ਜਾਵੇਗੀ।”

ਇਸ ਮੀਟਿੰਗ ਵਿਚ ਸਿੱਖ ਕੌਂਸਲ ਯੂ ਕੇ ਵਲੋਂ ਚਾਰ ਅਹਿਮ ਪੱਖਾਂ ਬਾਰੇ ਬੇਨਤੀ ਕੀਤੀ ਗਈ ਜਿਹਨਾਂ ਸਬੰਧੀ ਕਿ ਸਰਕਾਰੀ ਤਵੱਜੋਂ ਦੀ ਸਰ ਜਰਮੀ ਹੇਵੁਡ ਵਲੋਂ ਸਹਿਮਤੀ ਪ੍ਰਗਟ ਕੀਤੀ:

• ਜਾਂਚ ਦੀ ਜਾਣਕਾਰੀ ਸਬੰਧੀ ਸਾਰੇ ਤੱਥ ਪ੍ਰਕਾਸ਼ਤ ਕੀਤੇ ਜਾਣ।
• ਜਾਂਚ ਮੁਕੰਮਲ ਹੋਣ ਮਗਰੋਂ ਸਾਫਗੋਈ ਦੀ ਬਹਾਲੀ ਲਈ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਜਾਵੇ।
• ਇਸ ਜਾਂਚ ਦੇ ਵੇਰਵੇ ਮਿਲਣ ਪਿਛੋਂ ਵੀ ਇਸ ਦੀ ਪਰਖ ਪੜਚੋਲ ਲਈ ਪਹੁੰਚ ਖੁੱਲ੍ਹੀ ਰੱਖੀ ਜਾਵੇ ਤਾਂ ਕਿ ਸੰਨ ਚੁਰਾਸੀ ਦੇ ਹਮਲੇ ਤੋਂ ਬਾਅਦ ਦੀਆਂ ਘਟਨਾਵਾਂ ਸਬੰਧੀ ਲੋੜੀਂਦੀ ਖੋਜ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।

Leave a Reply

Your email address will not be published.